Tuesday, March 2, 2010

ਮਹਿਬੂਬ ਸ਼ਰਧਾਂਜਲੀ ਸਮਾਗਮ : ਜਦੋਂ ਇਤਿਹਾਸ, ਵਿਦਵਤਾ ਦੀ ਮਹਾਨਤਾ ਅੱਗੇ ਝੁਕਦਾ ਵੇਖਿਆ ਗਿਆ

ਡਾ. ਗੁਰਤਰਨ ਸਿੰਘ, ਸ. ਅਜਮੇਰ ਸਿੰਘ, ਸ. ਗੁਰਤੇਜ ਸਿੰਘ ਆਈ.ਏ.ਐਸ., ਸ. ਬੀਰਦਵਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਉਪ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਸ. ਪਰਮਜੀਤ ਸਿੰਘ ਅਤੇ ਐਮ.ਐਲ.ਏ. ਇਕਬਾਲ ਸਿੰਘ ਝੂੰਦਾਂ ਵਲੋਂ ਵਿਛੜੇ ਦਰਵੇਸ਼ ਚਿੰਤਕ ਤੇ ਰਸਕ ਵਿਦਵਾਨ ਹਰਿੰਦਰ ਸਿੰਘ ਮਹਿਬੂਬ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ
ਕਰਮਜੀਤ ਸਿੰਘ  99150-91063

ਚੰਡੀਗੜ : ਸ਼ਰਧਾਂਜਲੀ ਸਮਾਰੋਹ ਕਈ ਵੇਖੇ ਹਨ ਪਰ ਮੰਗਲਵਾਰ ਵਾਲੇ ਦਿਨ ਨਾਭਾ ਦੇ ਨਜ਼ਦੀਕ ਪਿੰਡ ਝੂੰਦਾਂ ਦੇ ਵਿਹੜੇ ਵਿਚ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਯਾਦ ਵਿਚ ਜੁੜਿਆ ਮੇਲਾ ਸੱਚੀ ਮੁੱਚੀ ਅਲੌਕਿਕ ਹੋ ਨਿਬੜਿਆ। ਗੁਰੂ ਗ੍ਰੰਥ ਸਾਹਿਬ ਦੀ ਠੰਢੀ ਮਿੱਠੀ ਛਾਂ ਹੇਠ ਜੋ ਗੱਲਾਂ ਮਹਿਬੂਬ ਸਾਹਿਬ ਦੀ ਯਾਦ ਵਿਚ ਉਸ ਦਿਨ ਕੀਤੀਆਂ ਗਈਆਂ ਉਹ ਸਾਡੇ ਮਨੋਇਤਿਹਾਸ (ਸਾਇਕੋ-ਹਿਸਟਰੀ) ਦੀ ਇਕ ਅਭੁੱਲ ਯਾਦਗਾਰ ਬਣੀ ਰਹੇਗੀ। ਇਹ ਉਹ ਸੁਹਾਵਣੇ ਪਲ ਸਨ ਜਦੋਂ ਗੱਲਾਂ ਕਰਨ ਵਾਲੇ ਤੇ ਗੱਲਾਂ ਸੁਣਨ ਵਾਲੇ ਇਕੋ ਸਮੇਂ ਉਚੇ ਧਰਾਤਲ ਉਤੇ ਕਿਸੇ ਵੱਡੇ ਸਹਿਜ ਵਿਚ ਵਿਚਰ ਰਹੇ ਸਨ। ਇਉਂ ਲੱਗਦਾ ਸੀ ਜਿਵੇਂ ਉਸ ਸਮਾਗਮ ਵਿਚ ਹਰ ਇਕ ਦੇ ਸਿਰ ਉਤੇ ਰੂਹਾਨੀਅਤ ਦਾ ਇਕ ਦੀਪ ਜਗਦਾ ਸੀ। ਕੀਰਤਨ ਤੋਂ ਪਿੱਛੋਂ ਤਿੰਨ ਘੰਟੇ ਚੱਲੇ ਇਸ ਸਮਾਗਮ ਵਿਚ ਹਰ ਕੋਈ ਇਹ ਸਮਝਦਾ ਸੀ ਕਿ ਇਸ ਸਮਾਗਮ ਵਿਚੋਂ ਉਠ ਕੇ ਜਾਣਾ ਮਹਿਬੂਬ ਦਾ ਹੀ ਨਿਰਾਦਰ ਨਹੀਂ ਸਗੋਂ ਮਹਿਬੂਬ ਬਾਰੇ ਕਿਸੇ ਕੀਮਤੀ ਗੱਲ ਤੋਂ ਵਾਂਝੇ ਹੋ ਜਾਣਾ ਹੈ।


ਇਕ ਹੋਰ ਅਲੋਕਾਰ ਘਟਨਾ ਉਸ ਦਿਨ ਸਾਕਾਰ ਰੂਪ ਵਿਚ ਵਾਪਰਦੀ ਵੇਖੀ ਗਈ। ਜਿਹੜੇ ਲੋਕ ਉਥੇ ਆਏ ਸਨ ਸਿਰਫ਼ ਉਹ ਹੀ ਇਸ ਰਮਜ਼ ਨੂੰ ਸਮਝ ਸਕਦੇ ਹਨ ਕਿ ਉਹਨਾਂ ਪਲਾਂ ਵਿਚ ਸਮਾਗਮ ਵਿਚ ਆਏ ਸਿਆਸਤਦਾਨ, ਇਤਿਹਾਸ ਦੀ ਮਹਾਨਤਾ ਅੱਗੇ ਝੁਕਦੇ ਵੇਖੇ ਗਏ। ਦੂਜੇ ਲਫ਼ਜ਼ਾਂ ਵਿਚ ਸਭ ਵੰਨਗੀਆਂ ਦੇ ਸਿਆਸਤਦਾਨਾਂ ਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਸਿੱਖੀ ਰੰਗਾਂ ਵਿਚ ਰੰਗੀ ਵਿਦਵਤਾ ਦਾ ਉਹਨਾਂ ਨੇ ਮੁੱਲ ਨਹੀਂ ਪਾਇਆ। ਇਕ ਅਣਕਿਹਾ ਪਛਤਾਵਾ ਉਹਨਾਂ ਦੇ ਚਿਹਰਿਆਂ ਉਤੇ ਸਾਫ਼ ਨਜ਼ਰ ਆਉਂਦਾ ਸੀ। ਉਹਨਾਂ ਨੇ ਸਿਰਫ਼ ਇਸ ਹਕੀਕਤ ਨੂੰ ਮਹਿਸੂਸ ਹੀ ਨਹੀਂ ਕੀਤਾ ਸਗੋਂ ਸਿੱਧੇ ਤੇ ਅਸਿੱਧੇ ਰੂਪ ਵਿਚ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਸਿੱਖੀ ਦਾ ਭਵਿੱਖ ਇਸ ਕਰਕੇ ਹਨੇਰੇ ਵਿਚ ਹੈ ਕਿਉਂਕਿ ਉਹਨਾਂ ਦੀਆਂ ਰਾਜਨੀਤੀਆਂ ਅਤੇ ਰਣਨੀਤੀਆਂ ਵਿਚ ਗੁਰੂ-ਯਾਦ ਤੇ ਗੁਰੂ-ਇਤਿਹਾਸ ਧੁੰਦਲਾ ਪੈਂਦਾ ਜਾ ਰਿਹਾ ਹੈ।


ਆਮ ਕਰਕੇ ਸਿਆਸਤਦਾਨਾਂ ਨੂੰ ਸਦਾ ਹੀ ਇਕ ਬੇਲੋੜੀ ਕਾਹਲ ਪਈ ਰਹਿੰਦੀ ਹੈ ਕਿ ਉਹ ਸ਼ਰਧਾਂਜਲੀ ਸਮਾਗਮਾਂ ਵਿਚ ਸਭ ਤੋਂ ਪਹਿਲਾਂ ਬੋਲਣ ਦੀ ਵਾਰੀ ਲੈਂਦੇ ਹਨ ਤੇ ਫਿਰ ਹੋਰਨਾਂ ਨੂੰ ਸੁਣੇ ਤੋਂ ਬਿਨਾਂ ਹੀ ਸਮਾਗਮ ਵਿਚੋਂ ਚਲੇ ਜਾਂਦੇ ਹਨ। ਪਰ ਇਥੇ ਤਿੰਨੇ ਘੰਟੇ ¦ਮੇ ਸਮਾਗਮ ਵਿਚ ਹਾਕਮ ਪਾਰਟੀ ਦੇ ਤਿੰਨ ਸਿਆਸਤਦਾਨ ਅਖ਼ੀਰ ਤੱਕ ਬੈਠੇ ਰਹੇ। ਇਹ ਸਨ : ਸਾਬਕਾ ਕੇਂਦਰੀ ਕੈਬਨੇਟ ਮੰਤਰੀ ਅਤੇ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ; ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ, ਐਮ.ਐਲ.ਏ. ਸ. ਇਕਬਾਲ ਸਿੰਘ ਝੂੰਦਾਂ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਤੀਨਿੱਧ ਅਤੇ ਰਾਜਸੀ ਸਕੱਤਰ ਸ. ਪਰਮਜੀਤ ਸਿੰਘ ਸਿੱਧਵਾਂ। ਸ. ਪਰਮਜੀਤ ਸਿੰਘ ਨੇ ਮਹਿਬੂਬ ਸਾਹਿਬ ਨੂੰ ‘‘ਬ੍ਰਹਿਮੰਡ ਦੀ ਵਿਦਵਤਾ ਦੇ ਧਾਰਨੀ’’ ਆਖਦਿਆਂ ਟਿੱਪਣੀ ਕੀਤੀ ਕਿ ਮੇਰੇ ਤੋਂ ਪਹਿਲਾਂ ਜਿਹੜੇ ਵਿਦਵਾਨ ਮਹਿਬੂਬ ਸਾਹਿਬ ਬਾਰੇ ਬੋਲ ਰਹੇ ਸਨ ਉਸ ਤੋਂ ਇੰਝ ਮਹਿਸੂਸ ਹੁੰਦਾ ਸੀ ਕਿ ਜਿਵੇਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਅੱਜ ਖੁਦ ਬੋਲ ਰਹੇ ਹਨ। ਸੱਚ ਤਾਂ ਇਹ ਹੈ ਕਿ ਸਮਾਗਮ ਵਿਚ ਕੁਝ ਵੀ ਰਸਮੀ ਨਹੀਂ ਸੀ, ਸਭ ਕੁਝ ਗੈਰ-ਰਸਮੀ ਤੇ ਸੱਚੋ ਸੱਚ ਸੀ। ਸਭ ਕੁਝ ਧੜਿਆਂ ਦੀ ਸਿਆਸਤ ਤੋਂ ਉਪਰ ਉਠ ਕੇ ਜੋ ਆਖਿਆ ਜਾ ਰਿਹਾ ਸੀ ਉਸ ਨੂੰ ਸਾਰੇ ਹੀ ਬੜੇ ਹੀ ਧਿਆਨ ਨਾਲ ਸੁਣ ਰਹੇ ਸੀ ਤੇ ਅੰਦਰੋਂ ਅੰਦਰੀਂ ਮੰਨ ਵੀ ਰਹੇ ਸੀ।


ਹਾਕਮ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੁਤਾਬਕ ਮਹਿਬੂਬ ਸਾਹਿਬ ਇਕ ‘ਵਿਚਾਰਧਾਰਕ ਸੰਤ’ ਸਨ। ਮਹਿਬੂਬ ਸਾਹਿਬ ਬਾਰੇ ਕੋਈ ਯਾਦਗਾਰ ਕਾਇਮ ਕਰਨ ਦੀ ਮੰਗ ਦਾ ਜ਼ਿਕਰ ਕਰਦਿਆਂ ਉਹਨਾਂ ਐਲਾਨ ਕੀਤਾ ਕਿ ਪਹਿਲਾਂ ਮਹਿਬੂਬ ਸਾਹਿਬ ਦੀ ਯਾਦ ਵਿਚ ਇਕ ਟ੍ਰਸਟ ਕਾਇਮ ਕੀਤਾ ਜਾਵੇ ਤੇ ਉਹ ਟ੍ਰਸਟ ਜਿਹੜੀਆਂ ਜਿਹੜੀਆਂ ਸਿਫ਼ਾਰਿਸ਼ਾਂ ਕਰੇਗਾ ਉਹ ਸਰਕਾਰ ਵੀ ਅਤੇ ਸ਼੍ਰੋਮਣੀ ਕਮੇਟੀ ਵੀ ਪੂਰਾ ਪੂਰਾ ਕਰਨ ਦਾ ਯਤਨ ਕਰੇਗੀ। ਇਨ•ਾ ਸਿਫ਼ਾਰਿਸ਼ਾਂ ਵਿਚ ਮਹਿਬੂਬ ਸਾਹਿਬ ਦੇ ਨਾਂ ’ਤੇ ਕਿਸੇ ਯੂਨੀਵਰਸਿਟੀ ਵਿਚ ਚੇਅਰ ਸਥਾਪਿਤ ਕਰਨ ਦੀ ਗੱਲ ਹੋ ਸਕਦੀ ਹੈ ਜਾਂ ਮਹਿਬੂਬ ਸਾਹਿਬ ਦੀਆਂ ਲਿਖ਼ਤਾਂ ਦਾ ਅੰਗਰੇਜ਼ੀ ਤਰਜਮਾ ਕਰਾਉਣ ਦਾ ਕੋਈ ਪ੍ਰੌਜੈਕਟ ਬਣ ਸਕਦਾ ਹੈ ਜਾਂ ਉਹਨਾਂ ਦੀ ਲਿਖਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਤੇ ਆਮ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਣਾਉਣ ਲਈ ਕੋਈ ਪ੍ਰੋਗਰਾਮ ਸਿਰਜਿਆ ਜਾ ਸਕਦਾ ਹੈ। ਹਲਕੇ ਦੇ ਐਮ.ਐਲ.ਏ. ਸ. ਇਕਬਾਲ ਸਿੰਘ ਝੂੰਦਾਂ ਨੇ ਆਪਣੇ ਭਾਵਪੂਰਨ ਭਾਸ਼ਣ ਵਿਚ ਮਹਿਬੂਬ ਸਾਹਿਬ ਨਾਲ ਬਿਤਾਈਆਂ ਨਿੱਜੀ ਯਾਦਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਦੀ ਯਾਦ ਵਿਚ ਪਿੰਡ ਵਿਚ ਕਮਿਊਨਿਟੀ ਕੰਪਲੈਕਸ ਅਤੇ ਲਾਇਬਰੇਰੀ ਬਣਾਉਣ ਦੀ ਮੰਗ ਰੱਖੀ ਜੋ ਸ. ਪਰਮਜੀਤ ਸਿੰਘ ਨੇ ਪ੍ਰਵਾਨ ਕਰ ਲਈ। ਇਸੇ ਤਰ•ਾਂ ਡਿਪਟੀ ਕਮਿਸ਼ਨਰ ਸ. ਹਰਕੇਸ਼ ਸਿੰਘ ਸਿੱਧੂ ਨੇ ਵੀ ਇਨ•ਾਂ ਮੰਗਾਂ ਵਿਚ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।


ਹਾਕਮ ਪਾਰਟੀ ਦੇ ਇਕ ਹੋਰ ਸਿਆਸਤਦਾਨ ਸ. ਬੀਰਦਵਿੰਦਰ ਸਿੰਘ ਨੇ ਮਹਿਬੂਬ ਦੀ ਵਿਦਵਤਾ ਦੀ ਵਿਆਖਿਆ ਕਰਨ ਵਿਚ ਕਮਾਲ ਕਰਨ ਦੀਆਂ ਸਭ ਹੱਦਾਂ ਤੋੜ ਦਿੱਤੀਆਂ। ਇਉਂ ਲੱਗਦਾ ਸੀ ਕਿ ਕਦੇ ਉਹ ਵਿਦਵਤਾ ਦੇ ਪ੍ਰਸੰਗ ਵਿਚ ਸਿਆਸਤ ਦੀਆਂ ਡੂੰਘੀਆਂ ਗੱਲਾਂ ਕਰ ਰਿਹਾ ਹੈ ਤੇ ਕਦੇ ਸਿਆਸਤ ਦੇ ਪ੍ਰਸੰਗ ਵਿਚ ਵਿਦਵਤਾ ਦੀ ਗੱਲ ਕਰ ਰਿਹਾ ਹੈ। ਉਸ ਦਾ ਇਕ ਇਕ ਸ਼ਬਦ ਤੇ ਵਾਕ ਸੁਣਨ ਵਾਲਾ ਵੀ ਸੀ ਤੇ ਯਾਦ ਰੱਖਣ ਵਾਲਾ ਵੀ। ਇਹ ਠੀਕ ਹੈ ਕਿ ਉਹ ਤਕਰੀਰ ਦਾ ਤੇ ਸ਼ਬਦਾਂ ਦਾ ਵੀ ਧਨੀ ਹੈ ਅਤੇ ਕਈ ਵਾਰ ਅਕਸਰ ਇਹੋ ਜਹੇ ਸਿਆਸਤਦਾਨ ਇਹੋ ਜਿਹੇ ਮੌਕਿਆਂ ’ਤੇ ਸ਼ਬਦਾਂ ਦੀ ਜਾਦੂਗਰੀ ਨਾਲ ਸੰਗਤਾਂ ਦਾ ਮਨ ਮੋਹ ਲੈਂਦੇ ਹਨ ਪਰ ਮੰਗਲਵਾਰ ਵਾਲੇ ਦਿਨ ਉਸ ਦੇ ਮੂੰਹੋਂ ਨਿਕਲ ਰਹੀਆਂ ਗੱਲਾਂ ਵਿਚ ਰੂਹ ਦਾ ਸੱਚ ਨਜ਼ਰ ਆ ਰਿਹਾ ਸੀ। ਮਹਿਬੂਬ ਦੀ ਸ਼ਖਸੀਅਤ ਨੂੰ ਕਈ ਪੱਖਾਂ ਤੋਂ ਯਾਦ ਕਰਦਿਆਂ ਆਪਣੀ ਤਕਰੀਰ ਦੌਰਾਨ ਕਈ ਵਾਰ ਉਸ ਦਾ ਆਪਣਾ ਗੱਚ ਵੀ ਭਰ ਆਇਆ ਤੇ ਸੰਗਤ ਵਿਚੋਂ ਵੀ ਕਈ ਆਪਣੇ ਹੰਝੂਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮਹਿਬੂਬ ਦੀ ਵਿਦਵਤਾ ਦੀ ਵਿਆਖਿਆ ਕਰਨ ਲਈ ਇਹੋ ਜਿਹੇ ਸਿਆਸਤਦਾਨਾਂ ਦਾ ਸਿੱਖ ਪੰਥ ਵਿਚ ਹੁਣ ਤਾਂ ਕਾਲ ਹੀ ਪੈ ਗਿਆ ਹੈ ਅਤੇ ਸਿਆਸਤਦਾਨਾਂ ਦੀ ਵੀ ਇਸ ਗੱਲ ਵਿਚ ਰੁਚੀ ਨਹੀਂ ਕਿ ਉਹ ਸਿੱਖ ਦਾਨਸ਼ਵਰੀ ਦੇ ਖੇਤਰ ਵਿਚ ਲਿਖੀਆਂ ਜਾ ਰਹੀਆਂ ਮਹਾਨ ਲਿਖਤਾਂ ਤੇ ਲੇਖਕਾਂ ਦੀ ਪਹਿਚਾਣ ਕਰਨ ਦੀ ਵਿਹਲ ਕੱਢਣ।

ਪਹਿਲਾ ਬੁਲਾਰਾ ਡਾ. ਗੁਰਤਰਨ ਸਿੰਘ ਸੀ ਜਿਸ ਨੇ ਬਚਪਨ ਵਿਚ ਮਹਿਬੂਬ ਸਾਹਿਬ ਨਾਲ ਡੰਗਰ ਵੀ ਚਾਰੇ ਸਨ ਤੇ ਮਹਿਬੂਬ ਸਾਹਿਬ ਨੂੰ ਸਾਰੇ ਰੰਗਾਂ ਵਿਚ ਵੇਖਿਆ, ਸਮਝਿਆ ਤੇ ਪਰਖਿਆ ਸੀ। ਮਹਿਬੂਬ ਦੇ ਬਚਪਨ ਦਾ ਇਹ ਹਾਣੀ ਜਦੋਂ ਤਕਰੀਰ ਕਰ ਰਿਹਾ ਸੀ ਤਾਂ ਉਸ ਦੀ ਤਕਰੀਰ ਵਿਚ ਵਿਚਾਰਧਾਰਕ ਜਜ਼ਬੇ ਭਰ-ਜੋਬਨ ਵਿਚ ਟਹਿਕ ਰਹੇ ਸਨ। ਗੱਲ ਉਹ ਦੁਨੀਆਂ ਭਰ ਦੇ ਵਿਦਵਾਨਾਂ, ਧਰਮ-ਗ੍ਰੰਥਾਂ ਅਤੇ ਮਹਾਨ ਲਿਖਤਾਂ ਦੀਆਂ ਗੱਲਾਂ ਕੁਝ ਇਸ ਅੰਦਾਜ਼ ਵਿਚ ਤੇ ਇਸ ਲਹਿਜੇ ਵਿਚ ਕਰ ਰਿਹਾ ਸੀ ਕਿ ਆਪ ਮੁਹਾਰੇ ਹੀ ਤੁਹਾਡਾ ਸਿੱਖੀ ਨਾਲ ਪਿਆਰ ਹੋਰ ਗੂੜ•ਾ ਹੁੰਦਾ ਜਾਂਦਾ ਹੈ। ‘ਡਿਵਾਈਨ ਕਾਮੇਡੀ’ ਦਾ ਦਾਂਤੇ, ਮਿਲਟਨ, ਚੈਖ਼ਵ, ਦਾਸਤੋਵਸਕੀ, ਮੌਲਾਨਾ ਰੂਮੀ ਯਾਨੀ ਪਿਛਲੇ ਤਿੰਨ ਹਜ਼ਾਰ ਸਾਲਾਂ ਦੇ ਦਾਰਸ਼ਨਿਕ ਇਤਿਹਾਸ ਨੂੰ ਮਹਿਬੂਬ ਸਾਹਿਬ ਦੀ ਲਿਖਤਾਂ ਦੀ ਰੌਸ਼ਨੀ ਵਿਚ ਜਦੋਂ ਉਸਨੇ ਪੇਸ਼ ਕੀਤਾ ਤਾਂ ਸੰਗਤ ਅੰਦਰ ਕੁਝ ਪਲਾਂ ਲਈ ਪਛਤਾਵੇ ਦੇ ਪਰਛਾਂਵੇਂ ਵੇਖੇ ਜਾ ਸਕਦੇ ਸਨ ਕਿ ‘‘ਅਸਾਂ ਮਹਿਬੂਬ ਦੀਆਂ ਲਿਖਤਾਂ ਤੋਂ ਕਿਉਂ ਵਾਂਝੇ ਹਾਂ, ਅਸੀਂ ਉਹਨਾਂ ਲਿਖਤਾਂ ਨੂੰ ਖੁੱਭ ਕੇ ਕਿਉਂ ਨਹੀਂ ਪੜ• ਸਕੇ।’’


ਅਸਲ ਵਿਚ ਡਾ. ਗੁਰਤਰਨ ਸਿੰਘ ਅਤੇ ਸ. ਅਜਮੇਰ ਸਿੰਘ ਨੇ ਮਹਿਬੂਬ ਦੀਆਂ ਲਿਖ਼ਤਾਂ ਉਤੇ ਟਿੱਪਣੀ ਕਰਦਿਆਂ ਰੂਹਾਨੀ ਰੌਣਕਾਂ ਦਾ ਅਜਿਹਾ ਮੇਲਾ ਲਾ ਦਿੱਤਾ ਕਿ ਮਗਰੋਂ ਸਾਰੇ ਬੁਲਾਰੇ ਭਾਵੇਂ ਮਹਿਬੂਬ ਸਾਹਿਬ ਦੀ ਸ਼ਖਸੀਅਤ ਦੇ ਵੱਖੋ ਵੱਖਰੇ ਪੱਖਾਂ ਨੂੰ ਰੌਸ਼ਨ ਕਰ ਰਹੇ ਸਨ ਪਰ ਸੁਰ ਇਕੋ ਹੀ ਸੀ, ਜਜ਼ਬਾ ਇਕੋ ਸੀ ਤੇ ਵਿਚਾਰਾਂ ਵਿਚ ਵੀ ਡੂੰਘੀ ਸਾਂਝ ਸੀ। ਸ. ਅਜਮੇਰ ਸਿੰਘ ਦਾ ਕਹਿਣਾ ਸੀ ਕਿ ਮਹਿਬੂਬ ਸਾਹਿਬ ਨੇ ਰੋਗ ਨੂੰ ਪਛਾਣਿਆ ਹੀ ਨਹੀਂ ਸਗੋਂ ਰੋਗ ਦਾ ਇਲਾਜ ਵੀ ਦੱਸਿਆ। ਅਜਮੇਰ ਸਿੰਘ, ਜਿਸ ਦੀਆਂ ਸਿੱਖ ਹਲਕਿਆਂ ਨੂੰ ਤਿੰਨ ਚਰਚਿਤ ਪੁਸਤਕਾਂ ਸਿੱਖਾਂ ਦੀ ਵਿਅਕਤੀਗਤ-ਮਾਨਸਿਕਤਾ, ਸਮੂਹਕ-ਮਾਨਸਿਕਤਾ ਅਤੇ ਸਿੱਖ ਲੀਡਰਸ਼ਿਪ ਵਿਚ ਆਏ ਵਿਚਾਰਧਾਰਕ ਵਿਗਾੜਾਂ, ਕੁਰਬਾਨੀਆਂ ਅਤੇ ਦੁਬਿਧਾਵਾਂ ਦਾ ਨਿਰਪੱਖ ਨਕਸ਼ਾ ਖਿੱਚਦੀ ਇਕ ਦਿਲਕਸ਼ ਦਸਤਾਵੇਜ਼ ਹੈ ਅਤੇ ਜੋ ਸਾਡੇ ਅੰਦਰ ਕੁਝ ਕਰਨ ਦਾ ਸਿਧਾਂਤਕ-ਦੀਪ ਜਗਾਉਂਦੀ ਹੈ, ਦਾ ਕਹਿਣਾ ਸੀ ਕਿ ਜੀਵਨ ਵਿਚ ਰਸਤਿਆਂ ਦੀ ਤਲਾਸ਼ ਕਰਦਿਆਂ ਕਰਦਿਆਂ ਜਦੋਂ ਉਹਨਾਂ ਦਾ ਵਾਹ ਮਹਿਬੂਬ ਸਾਹਿਬ ਦੀਆਂ ਲਿਖਤਾਂ ਨਾਲ ਪਿਆ ਅਤੇ ਉਹਨਾਂ ਨਾਲ ਜ਼ਾਤੀ ਮੁਲਾਕਾਤਾਂ ਹੋਈਆਂ ਤਾਂ ਉਹਨਾਂ ਦੇ ਜੀਵਨ ਵਿਚ ਇਕ ਨਵਾਂ ਮੋੜ ਆ ਗਿਆ। ਮਹਿਬੂਬ ਦੀ ਹੋਰਨਾਂ ਵਿਦਵਾਨਾਂ ਨਾਲੋਂ ਵਿਸ਼ੇਸ਼ ਵਿਲੱਖਣਤਾ ਤੇ ਨਿਆਰੇਪਨ ਉਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਮਹਿਬੂਬ ਦੀਆਂ ਲਿਖਤਾਂ ਰਾਜਨੀਤਕ ਰੌਸ਼ਨੀ ਦੀ ਵੀ ਇਕ ਸੌਗਾਤ ਹੈ ਕਿਉਂਕਿ ਇਹ ਰੌਸ਼ਨੀ ਰੂਹਾਨੀ ਕੀਮਤਾਂ ਦੇ ਸਿਧਾਂਤ ਉਤੇ ਖੜੀ ਹੈ। ਉਹਨਾਂ ਕਿਹਾ ਕਿ ਜੇਕਰ ਸਾਡਾ ਹਿਰਦਾ ਸ਼ੁੱਧ ਹੈ ਤਾਂ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਸਾਡਾ ਭਵਿੱਖ ਵਿਚ ਵਿਸ਼ਵਾਸ ਨਹੀਂ ਰਹਿ ਗਿਆ। ਗੁਰੂਆਂ ਵਲੋਂ ਭਰਿਆ ਜਜ਼ਬਾ ਕਮਜ਼ੋਰ ਪੈ ਚੁੱਕਾ ਹੈ ਪਰ ਮਹਿਬੂਬ ਦੀਆਂ ਲਿਖਤਾਂ ਸਾਡੇ ਅੰਦਰ ਆਤਮਿਕ ਬਲ ਭਰਨ ਦਾ ਇਕ ਸਰਸਬਜ਼ ਚਸ਼ਮਾ ਹੈ ਅਤੇ ਅਸੀਂ ਗੁਰੂ ਦੇ ਨਾਮ ਤੇ ਇਕ ਵਾਰ ਫਿਰ ਉਠਾਂਗੇ।


ਅੰਮ੍ਰਿਤਸਰ ਜੇਲ• ਵਿਚ ਪਿਛਲੇ ਛੇ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਚੇਅਰਮੈਨ ਸ. ਦਲਜੀਤ ਸਿੰਘ ਬਿੱਟੂ ਦਾ ਭੇਜਿਆ ਸੰਦੇਸ਼ ਵੀ ਸਮਾਗਮ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਸ. ਹਰਪਾਲ ਸਿੰਘ ਚੀਮਾ ਨੇ ਪੜ• ਕੇ ਸੁਣਾਇਆ। ਮੌਜੂਦਾ ਸਿਆਸਤਦਾਨਾਂ ਵਿਚੋਂ ਸ਼ਾਇਦ ਹੀ ਕੋਈ ਸਿਆਸਤਦਾਨ ਹੋਵੇਗਾ ਜਿਸ ਨੇ ਹਰਿੰਦਰ ਸਿੰਘ ਮਹਿਬੂਬ ਦੀਆਂ ਲਿਖਤਾਂ ਨੂੰ ਏਨੀ ਸੰਜੀਦਗੀ ਅਤੇ ਏਨੀ ਸੁਹਿਰਦਤਾ ਨਾਲ ਪੜਿ•ਆ ਹੋਵੇ ਜਿੰਨੀ ਸੁਹਿਰਦਤਾ ਤੇ ਗਹਿਰਾਈ ਨਾਲ ਸ. ਦਲਜੀਤ ਸਿੰਘ ਨੇ ਪੜਿ•ਆ ਹੈ। ਇਹ ਗੱਲ ਉਹਨਾਂ ਵਲੋਂ ਭੇਜੇ ਸੰਦੇਸ਼ ਦੀ ਸ਼ਬਦਾਵਲੀ ਤੋਂ ਹੀ ਪ੍ਰਗਟ ਹੋ ਜਾਂਦੀ ਹੈ। ਇਸ ਨੌਜਵਾਨ ਸਿਆਸਤਦਾਨ ਨੇ ਮਹਿਬੂਬ ਨੂੰ ‘‘ਸਿੱਖੀ ਦੇ ਜਗਦੇ ਤੇ ਜਾਗਦੇ ਜਜ਼ਬਿਆਂ ਦਾ ਸ਼ਾਇਰ’’ ਦੱਸਿਆ ਤੇ ਕਿਹਾ ਪੰਥ ਸੱਚ ਮੁੱਚ ਇਕ ਸਦ-ਜਾਗਤ ਇਨਸਾਨ ਤੋਂ ਵਿਰਵਾ ਹੋ ਗਿਆ ਹੈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਪੂਨਾ ਜੇਲ• ਵਿਚ ਫਾਂਸੀ ਚੜ•ਨ ਤੋਂ ਪਹਿਲਾਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ‘ਸਹਿਜੇ ਰਚਿਓ ਖ਼ਾਲਸਾ’ ਨੂੰ ਡੂੰਘੀ ਰੀਝ ਤੇ ਨੀਝ ਨਾਲ ਪੜਿ•ਆ ਸੀ। ਉਹਨਾਂ ਕਿਹਾ ਕਿ ‘‘ਧਰਮ ਦੀਆਂ ਪਵਿੱਤਰ ਤੇ ਬਲਵਾਨ ਬੁਨਿਆਦਾਂ ਉਤੇ ਉਸਰੀ ਰਾਜਨੀਤਕ ਜ਼ਿੰਦਗੀ ਵਿਚ ਮਹਿਬੂਬ ਦੀਆਂ ਲਿਖ਼ਤਾਂ ਅਤੇ ਉਹਨਾਂ ਦੀ ਦਰਵੇਸ਼ ਸ਼ਖਸੀਅਤ ਸਦਾ ਸਾਡੀ ਅਗਵਾਈ ਤੇ ਹੌਂਸਲਾ ਅਫ਼ਜ਼ਾਈ ਕਰਦੀ ਰਹੇਗੀ।’’


ਸਿੱਖ ਪੰਥ ਦੇ ਰਾਜਨੀਤਕ ਵਿਦਵਾਨ ਸ. ਗੁਰਤੇਜ ਸਿੰਘ ਆਈ.ਏ.ਐਸ. ਨੇ ਅਸਲੋਂ ਹੀ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਮਹਿਬੂਬ ਸਾਹਿਬ ਦੀ ਸ਼ਖਸ਼ੀਅਤ ਵੱਲ ਝਾਤ ਪੁਆਈ। ਉਹਨਾਂ ਕਿਹਾ ਕਿ ਮਹਿਬੂਬ ਸਾਹਿਬ ਦੀਆਂ ਲਿਖਤਾਂ ਇਸ ਕਰਕੇ ਬਲਵਾਨ ਹਨ ਕਿਉਂਕਿ ਇਹ ਲਿਖਤਾਂ ਗੁਰੂ ਦੀ ਛੋਹ ਨਾਲ ਰੰਗੀਆਂ ਹਨ। ਉਹਨਾਂ ਕਿਹਾ ਕਿ ਇਨ•ਾਂ ਲਿਖ਼ਤਾਂ ਨੂੰ ਪੜ• ਕੇ ਬਿਖੜੇ ਪੈਂਡਿਆਂ ਵਿਚ ਘਿਰੀ ਕੌਮ ਮੁੜ ਆਪਣੇ ਪੈਰਾਂ ’ਤੇ ਖੜ•ਾ ਹੋ ਸਕਦੀ ਹੈ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਸ. ਗੁਰਤੇਜ ਸਿੰਘ ਉਹਨਾਂ 2-3 ਰਾਜਨੀਤਕ ਵਿਦਵਾਨਾਂ ਵਿਚੋਂ ਸਿਰਮੌਰ ਵਿਦਵਾਨ ਹਨ ਜਿਨ•ਾਂ ਨੇ ਸ. ਹਰਿੰਦਰ ਸਿੰਘ ਮਹਿਬੂਬ ਦੀਆਂ ਲਿਖਤਾਂ ਨੂੰ ਗਹਿਰ-ਗੰਭੀਰ ਹੋ ਕੇ ਪੜਿ•ਆ ਹੈ ਤੇ ਪਿਛਲੇ ਦਿਨੀਂ ਮਹਿਬੂਬ ਸਾਹਿਬ ਦੇ ਸਸਕਾਰ ਦੇ ਮੌਕੇ ’ਤੇ ਉਹਨਾਂ ਨੇ ਇਸ ਪੱਤਰਕਾਰ ਅੱਗੇ ਇਹ ਟਿੱਪਣੀ ਵੀ ਕੀਤੀ ਸੀ ਕਿ ਜੇ ਇਨ•ਾਂ ਲਿਖਤਾਂ ਦਾ ਪੂਰੀ ਰੂਹ ਨਾਲ ਅੰਗਰੇਜ਼ੀ ਵਿਚ ਤਰਜਮਾਂ ਕਰਕੇ ਅਸੀਂ ਆਪਣੀ ਕੌਮ ਅੱਗੇ ਰੱਖਿਆ ਹੁੰਦਾ ਤਾਂ ਇਹ ਲਿਖਤਾਂ ਨੋਬਲ ਪੁਰਸਕਾਰ ਤੋਂ ਕਿਸੇ ਤਰ•ਾਂ ਵੀ ਘੱਟ ਨਹੀਂ। ਸ. ਗੁਰਤੇਜ ਸਿੰਘ ਨੇ ਇਤਿਹਾਸ ਵਿਚ ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਪ੍ਰਤੀ ਬਹੁਗਿਣਤੀ ਕੌਮ ਵਲੋਂ ਕੀਤੀਆਂ ਬੇਵਫਾਈਆਂ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਮਹਿਬੂਬ ਸਾਹਿਬ ਦੀਆਂ ਲਿਖਤਾਂ ਵੱਲ ਮੁੜਨ ਦੀ ਅਪੀਲ ਕੀਤੀ। ਬੰਦਾ ਸਿੰਘ ਬਹਾਦਰ ਦਾ ਉਹਨਾਂ ਨੇ ਵਿਸ਼ੇਸ਼ ਜ਼ਿਕਰ ਕੀਤਾ ਤੇ ਕਿਹਾ ਕਿ ਜਿਸ ਸਿੱਖ ਜਰਨੈਲ ਨੇ 800 ਸਾਲ ਦੀ ਸ਼ਹਿਨਸ਼ਾਹੀ ਨੂੰ ਢਾਹ ਲੈਣ ਦਾ ਮਹਾਨ ਕ੍ਰਿਸ਼ਮਾ ਕੀਤਾ, ਬਹੁਗਿਣਤੀ ਨੂੰ ਉਸ ਜਰਨੈਲ ਦੀ ਪਾਰਲੀਮੈਂਟ ਵਿਚ ਤਸਵੀਰ ਲਾਉਣ ਦਾ ਕਦੇ ਖਿਆਲ ਤੱਕ ਨਹੀਂ ਆਇਆ ਜਦਕਿ ਉਥੇ ਕਈ ਐਰੇ ਗੈਰਿਆਂ ਦੀਆਂ ਲੱਗੀਆਂ ਤਸਵੀਰਾਂ ਅਸੀਂ ਵੇਖ ਸਕਦੇ ਹਾਂ।


ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਸੀ ਕਿ ਮਹਿਬੂਬ ਸਾਹਿਬ ਨੇ ਸੱਚ ਨੂੰ ਪਛਾਣਿਆ ਹੈ ਜਦ ਕਿ ਡਾ. ਦਲੀਪ ਕੌਰ ਟਿਵਾਣਾ ਨੇ ਇਸ ਦਰਵੇਸ਼ ਚਿੰਤਕ ਨਾਲ ਉਹਨਾਂ ਪਿਆਰੀਆਂ ਸਾਂਝਾਂ ਦਾ ਜ਼ਿਕਰ ਕੀਤਾ ਜੋ ਮਸੂਮੀਅਤ ਦੇ ਪਵਿੱਤਰ ਜਜ਼ਬੇ ਵਿਚੋਂ ਪੈਦਾ ਹੋਈਆਂ। ਉਹਨਾਂ ਕਿਹਾ ਕਿ ‘‘ਮਹਿਬੂਬ ਵਿਚ ਬੱਚਿਆਂ ਵਰਗੀ ਰੂਹ ਸੀ ਤੇ ਉਹ ਵੱਡਾ ਚਿੰਤਕ ਵੀ ਸੀ ਜਿਸ ਵਿਚ ਹੰਕਾਰ ਨੇੜੇ ਤੇੜੇ ਵੀ ਨਹੀਂ ਸੀ ਜਿਵੇਂ ਕਿ ਅਕਸਰ ਵਿਦਵਾਨਾਂ ਨੂੰ ਹੋ ਜਾਂਦਾ ਹੈ। ਮੇਰੇ ਕੋਲੋਂ ਮੇਰਾ ਵੀਰ ਖੁੱਸ ਗਿਆ ਹੈ।’’ ਡਾ. ਬਲਕਾਰ ਸਿੰਘ ਦਾ ਕਹਿਣਾ ਸੀ ਕਿ ਮਹਿਬੂਬ ਨੂੰ ਕਿਸੇ ਇਕ ਧਿਰ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਉਹ ਇਕ ਅਜਿਹੀ ਸ਼ਖਸੀਅਤ ਸੀ ਜਿਸ ਨੇ ਆਪਣੀ ਚੇਤਨਾ ਦੇ ਸਾਰੇ ਦਰ ਸਾਰਿਆਂ ਲਈ ਖੋਲ• ਕੇ ਰੱਖੇ ਹੋਏ ਸਨ। ਇਹੋ ਜਿਹੀ ਚੇਤਨਾ ਦਾ ਰੁਝਾਨ ਅੱਜ ਕਲ• ਸਿੱਖ ਕੌਮ ਵਿਚ ਨਹੀਂ ਮਿਲਦਾ। ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਚੇਤਨ ਸਿੰਘ, ਜਿਨ•ਾਂ ਨੇ ‘ਸਹਿਜੇ ਰਚਿਓ ਖ਼ਾਲਸਾ’ ਦਾ ਉਤਾਰਾ ਆਪਣੇ ਹੱਥ ਨਾਲ ਕੀਤਾ ਸੀ, ਦਾ ਕਹਿਣਾ ਸੀ ਕਿ ਮਹਿਬੂਬ ਸਾਹਿਬ ਇਲਮ ਦਾ ਵਗਦਾ ਦਰਿਆ ਸਨ। ਉਹਨਾਂ ਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਬਲਬੀਰ ਕੌਰ ਦਾ ਇਸ ਮੌਕੇ ਸੰਦੇਸ਼ ਵੀ ਪੜ• ਕੇ ਸੁਣਾਇਆ ਅਤੇ ਐਲਾਨ ਕੀਤਾ ਕਿ ‘ਪੰਜਾਬੀ ਦੁਨੀਆਂ’ ਦਾ ਇਕ ਵਿਸ਼ੇਸ਼ ਅੰਕ ਮਹਿਬੂਬ ਸਾਹਿਬ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਚੇਤੇ ਕਰਵਾਇਆ ਕਿ ਮਹਿਬੂਬ ਸਾਹਿਬ ਦੀਆਂ ਅਣਛਪੀਆਂ ਲਿਖਤਾਂ ਦੀ ਜੇ ਇਕ ਜਿਲਦ ਛਾਪੀ ਜਾਵੇ ਤਾਂ ਉਹ 500 ਪੰਨਿਆਂ ਵਿਚ ਹੋ ਸਕਦੀ ਹੈ। ਉਹਨਾਂ ਕਿਹਾ ਕਿ ਮਹਿਬੂਬ ਸਾਹਿਬ ਵਲੋਂ ਆਪਣੇ ਦੋਸਤਾਂ ਮਿੱਤਰਾਂ ਨੂੰ ਲਿਖੇ ਪੱਤਰ ਵੀ ਅਨਮੋਲ ਦਸਤਾਵੇਜ਼ਾਂ ਹਨ। ਇਹ ਚਿੱਠੀਆਂ ਵੀ ਛਾਪੀਆਂ ਜਾਣਗੀਆਂ।


ਸ਼ਰਧਾਂਜਲੀ ਸਮਾਗਮ ਨੂੰ ਕੀ ਦਿਸ਼ਾ ਦੇਣੀ ਹੈ ਅਤੇ ਸਾਰੇ ਪ੍ਰੋਗਰਾਮ ਨੂੰ ਕਿਸ ਸੰਜਮ ਤੇ ਸਲੀਕੇ ਨਾਲ ਨਿਭਾਉਣਾ ਹੈ ਅਤੇ ਆਪਣੇ ਆਪ ਨੂੰ ਬੁਲਾਰਿਆਂ ਦਾ ਹਿੱਸਾ ਬਣਨ ਤੋਂ ਕਿਵੇਂ ਰੋਕਣਾ ਹੈ, ਉਹ ਕਲਾ ਵੀ ਸਟੇਜ ਸਕੱਤਰ ਸ. ਫਕੀਰ ਸਿੰਘ ਨੇ ਨਿਭਾ ਕੇ ਦੱਸੀ ਜਿਨ•ਾਂ ਨੇ ਲਗਾਤਾਰ 40 ਸਾਲ ਮਹਿਬੂਬ ਸਾਹਿਬ ਦੀ ਸੰਗਤ ਕੀਤੀ ਅਤੇ ਹਰ ਦੁੱਖ ਸੁੱਖ ਦੀ ਘੜੀ ਵਿਚ ਉਹਨਾਂ ਦਾ ਸਾਥ ਦਿੱਤਾ। ਉਹਨਾਂ ਨੂੰ ਸੁਣ ਸੁਣ ਕੇ ਇਉਂ ਲੱਗਦਾ ਹੈ ਜਿਵੇਂ ਉਹ ਰੱਸ-ਭਿੰਨੇ ਜਗਿਆਸੂ ਦਾ ਰੁਤਬਾ ਅਖ਼ਤਿਆਰ ਕਰ ਚੁੱਕੇ ਹਨ। ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਰ ਸ. ਰਛਪਾਲ ਸਿੰਘ ਗਿੱਲ ਨੇ ਪਰਿਵਾਰ ਵਲੋਂ ਸਮਾਗਮ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।


ਸ਼ਰਧਾਂਜਲੀ ਸਮਾਗਮ ਵਿਚ ਉਹਨਾਂ ਦੇ ਦੋਸਤ ਮਿੱਤਰ ਦੂਰ ਦੂਰ ਤੋਂ ਮਹਿਬੂਬ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਹੋਏ ਸਨ। ਇਨ•ਾਂ ਵਿਚ ਕੈਲੀਫੋਰਨੀ ਤੋਂ ਛਪਦੇ ‘ਅੰਮ੍ਰਿਤਸਰ ਟਾਈਮਜ਼’ ਦੇ ਸੰਪਾਦਕ ਸ. ਦਲਜੀਤ ਸਿੰਘ ਸਰਾਂ ਵੀ ਸ਼ਾਮਲ ਸਨ ਜਿਨ•ਾਂ ਨੇ ਮਹਿਬੂਬ ਸਾਹਿਬ ਨਾਲ ਕੀਤੀਆਂ ਕਈ ਮਹਿਫ਼ਲਾਂ ਵਿਚ ਅਭੁੱਲ ਯਾਦਾਂ ਨੂੰ ਸੰਗਤਾਂ ਨਾਲ ਸਾਂਝਿਆਂ ਕੀਤਾ। ਦਰਜਨਾਂ ਸਾਹਿਤਕ ਸਭਾਵਾਂ ਅਤੇ ਜਥੇਬੰਦੀਆਂ ਵਲੋਂ ਸ਼ੋਕ ਸੰਦੇਸ਼ ਵੀ ਪੜ• ਕੇ ਸੁਣਾਏ ਗਏ। ਬਹੁਤ ਸਾਰੇ ਬੁਲਾਰੇ ਸਮੇਂ ਦੀ ਕਮੀ ਕਾਰਨ ਆਪਣੇ ਵਿਚਾਰਾਂ ਨੂੰ ਪ੍ਰਗਟ ਨਹੀਂ ਕਰ ਸਕੇ। ਇਨ•ਾਂ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ, ਸ. ਨਰਾਇਣ ਸਿੰਘ ਚੌਰਾ, ਸ. ਹਰਿੰਦਰ ਸਿੰਘ ਮਹਿਬੂਬ ਦੀਆਂ ਲਿਖਤਾਂ ਉਤੇ ਪੀ.ਐਚ ਡੀ. ਕਰਨ ਵਾਲੀਆਂ ਦੋ ਵਿਦਿਆਰਥਣਾਂ ਅਤੇ ਖ਼ਾਲਸਾ ਕਾਲਜ, ਗੜ•ਦੀਵਾਲਾ ਦੇ ਪ੍ਰਿੰਸੀਪਲ ਸ਼ਾਮਿਲ ਸਨ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪਟਿਆਲਾ ਵਿਚ ਕਈ ਸਾਲ ਮਹਿਬੂਬ ਸਾਹਿਬ ਦੀ ਸੰਗਤ ਵਿਚ ਰਹੇ ਰਹੱਸਵਾਦੀ ਤੇ ਕੋਮਲ ਸ਼ਾਇਰ ਸ. ਕੁਲਵੰਤ ਸਿੰਘ ਗਰੇਵਾਲ, ਸੰਸਾਰ ਭਰ ਦੀਆਂ ਸਾਹਿਤਕ, ਰਾਜਨੀਤਕ ਅਤੇ ਧਾਰਮਿਕ ਖੇਤਰਾਂ ਦੀਆਂ ਮਹਾਨ ਹਸਤੀਆਂ ਬਾਰੇ ਸਿਖ਼ਰ ਦੀ ਵਿਦਵਤਾ ਵਾਲੀਆਂ ਗੱਲਾਂ ਕਰਨ ਵਾਲੇ ਅਤੇ ਆਪਣੇ ਘਰ ਵਿਚ ਮਹਿਬੂਬ ਸਾਹਿਬ ਦੀਆਂ ਮਹਿਫ਼ਲਾਂ ਸਜਾਉਣ ਵਾਲੇ ਸ. ਗੁਰਦਿਆਲ ਸਿੰਘ ਬਲ, ਮਨੁੱਖੀ ਅਧਿਕਾਰਾਂ ਦੀ ਨੇਤਾ ਡਾ. ਸੁਖਜੀਤ ਕੌਰ, ਐਡਵੋਕੇਟ ਸ. ਹਰਸ਼ਿੰਦਰ ਸਿੰਘ, ਪ੍ਰੋ. ਕੁਲਬੀਰ ਸਿੰਘ, ਸ. ਬਲਦੇਵ ਸਿੰਘ ਸਹੋਤਾ, ਸ. ਅਨੂਪ ਸਿੰਘ ਵਿਰਕ, ਸ. ਹਰਬੰਸ ਸਿੰਘ ਮੰਝਪੁਰ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੇਵਕ ਸਿੰਘ ਅਤੇ ਮੌਜੂਦਾ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ, ਪ੍ਰੋ. ਹਰਪਾਲ ਸਿੰਘ, ਪ੍ਰੋ. ਸ਼ਾਮ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਬਾਵਾ ਸਿੰਘ, ਕੋਟਕਪੂਰਾ ਤੋਂ ਸ. ਸਿਮਰਜੀਤ ਸਿੰਘ ਸ਼ਾਮਿਲ ਸਨ। ਸ. ਦਲਜੀਤ ਸਿੰਘ ਬਿੱਟੂ ਦੀ ਧਰਮ ਪਤਨੀ ਵੀ ਸਮਾਗਮ ਵਿਚ ਪਹੁੰਚੀ ਹੋਈ ਸੀ।

No comments:

Post a Comment